(ਜਦੋਂ ਉਸਦੀ ਕਿਰਪਾ ਹੁੰਦੀ ਹੈ )

ਇਹ ਕਹਾਣੀ ਮੇਰੀ ਆਪਣੀ ਜ਼ਿੰਦਗੀ ਦਾ ਇਕ ਅਜਿਹਾ ਮੋੜ ਹੈ ਜਿਸਨੇ ਮੇਰੇ ਮਨ ਅੰਦਰ ਦੇ ਕਈ ਸਵਾਲਾਂ ਦੇ ਜਵਾਬ ਦਿੱਤੇ ਹਨ।ਹਰ ਸ਼ਾਮ ਵਾਂਗ ਤਕਰੀਬਨ 6 ਵਜੇ ਦੇ ਸਮੇਂ, ਮਨ ਵਿਚ ਇਕ ਵਿਚਾਰ ਆਇਆ ਕਿਉਂ ਨਾ ਗੁਰੂ ਘਰ ਜਾਇਆ ਜਾਵੇ।ਕਰੋਨਾ ਦੇ ਕਾਰਨ ਕਈ ਦਿਨਾਂ ਤੋਂ ਬਾਹਰ ਨਹੀਂ ਗਈ ਸੀ।

ਮੈਂ ਗੁਰੂ ਘਰ ਚਲੀ ਗਈ।ਉਥੇ ਜਾ ਕੇ ਮਨ ਨੂੰ ਬਹੁਤ ਵਧੀਆ ਲਗਿਆ ।ਮੈਂ ਰੋਜ਼ ਗੁਰੂ ਘਰ ਆਉਣ ਲੱਗੀ।ਕਿੰਨਾ ਚੰਗਾ ਲੱਗ ਰਿਹਾ ਸੀ ਦੁਨੀਆਂ ਦੀ ਭਜ ਦੌੜ ਤੋਂ ਦੂਰ, ਜਿਥੇ ਵਾਹਿਗੁਰੂ ਦੀ ਸਿਫਤ ਸਾਲਾਹ ਦੀ ਗੱਲ ਸੀ। ਮੇਰੇ ਮਨ ਅੰਦਰ ਸ਼ਰਧਾ ਬਣਦੀ ਜਾ ਰਹੀ ਸੀ ਪਰ ਇਸ ਤੇ ਮੋਹਰ ਵਾਹਿਗੁਰੂ ਆਪ ਲਗਾਈ।ਰੋਜ਼ ਵਾਂਗ ਅੱਜ ਵੀ ਗੁਰੂ ਘਰ ਗਈ ਮੇਰੀ ਨਜ਼ਰ ਇਕ ਮੁੰਡੇ ਤੇ ਪਈ ਸ਼ਾਇਦ ਉਹ 17ਕੁ ਵਰਿਆਂ ਦੀ ਉਮਰ ਦਾ ਸੀ।

ਉਸਦਾ ਚਿਹਰਾ ਖੁਸ਼ੀ ਨਾਲ ਖਿੜਿਆ ਹੋਇਆ ਸੀ । ਮੇਰੀਆਂ ਅੱਖਾਂ ਰੋਜ਼ ਉਸਨੂੰ ਲਭਣ ਲਗੀਆਂ।ਰੋਜ਼ ਵਾਂਗ ਅੱਜ ਵੀ ਉਹ ਪਾਠ ਸੁਣਦਾ ,ਨਾਲ ਸ਼ਬਦ ਦੇ ਉੱਚੀ- ਉੱਚੀ ਪੜਨਾ, ਅਰਦਾਸ ਸਮੇਂ ਭੱਜ ਕੇ ਨਗਾਰੇ ਕੋਲ ਜਾ ਖੜਾ ਹੋਣਾ ਤੇ ਵਜਾਉਣਾ। ਉਸਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਹੁੰਦਾ ਸੁੱਖ ਆਸਣ ਸਮੇਂ ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਰਹਿ ਕੇ ਉਸਦਾ ਬੋਲਣਾ”ਜਿਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੋਹਾਵਾ ਰਾਮ ਰਾਜੈ।” ਇੰਝ ਲੱਗਦਾ ਜਿਵੇਂ ਉਸ ਅੰਦਰ ਅਨਹਦ ਨਾਦ ਵੱਜਦੇ ਹੋਣ। ਮੇਰੇ ਮਨ ਅੰਦਰ ਹੋਰ ਵੀ ਜਗਿਆਸਾ ਵਧਦੀ ਜਾ ਰਹੀ ਸੀ ਕਿ ਉਹ ਮੁੰਡਾ ਕੌਣ ਸੀ ਤੇ ਕਿੰਨਾ ਦਾ ਮੁੰਡਾ ਸੀ।ਮੈਂ ਭਾਈ ਜੀ ਨੂੰ ਪੁੱਛਿਆ ਤੇ ਉਹਨਾਂ ਦੀ ਗੱਲ ਸੁਣ ਮੈਂ ਬਹੁਤ ਹੈਰਾਨ ਹੋਈ ਕਿ ਉਸਦੇ ਮਾਂ -ਪਿਓ ਨਹੀਂ ਹਨ।

ਉਸ ਤੋਂ ਵੱਧ ਮੈਂ ਹੋਰ ਹੈਰਾਨ ਹੋਈ ਜਦੋਂ ਭਾਈ ਜੀ ਨੇ ਕਿਹਾ ਕਿ ਉਹ ਮੁੰਡਾ ਕਮਲਾ ਹੈ।ਕਮਲਾ ਉਹ ਨਹੀਂ, ਕਮਲੇ ਤਾਂ ਅਸੀਂ ਲੋਕ ਹਾਂ ਜਿਹਨਾਂ ਕੋਲ ਸਭ ਕੁਝ ਹੁੰਦਿਆਂ ਵੀ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ ।ਅਤੇ ਨਾ ਹੀ ਉਹ ਕਿਰਪਾ ਜੋ ਉਸ ਮੁੰਡੇ ਤੇ ਸੀ ।

ਸਿਆਣਿਆਂ ਸੱਚ ਕਿਹਾ ਕਿ ਜਿਸਦਾ ਕੋਈ ਨਹੀਂ ਹੁੰਦਾ ਉਸਦਾ ਉਹ ਵਾਹਿਗੁਰੂ ਆਪ ਹੈ।ਉਸ ਮੁੰਡੇ ਦੀ ਸ਼ਰਧਾ ਵੇਖ ਮੇਰਾ ਮਨ ਵਾਹਿਗੁਰੂ ਦਰਸ਼ਨ ਲੋਚੇ।ਅੱਜ ਮੈਂ ਖਾਲਸਾ ਰੂਪ ਵਿੱਚ ਹਾਂ ਤੇ ਇਕੋ ਆਵਾਜ਼ ਅੰਦਰੋ ਆਵੇ ” ਜਦੋਂ ਤੇਰੀ ਕਿਰਪਾ ਹੁੰਦੀ ਹੈ “।।

Read More:- ? ਕਸ਼ਮੀਰੀ ਤੋਹਫ਼ਾ – ਪਿਆਰਾ ਸਿੰਘ ਦਾਤਾ

Previous article? ਕਸ਼ਮੀਰੀ ਤੋਹਫ਼ਾ – ਪਿਆਰਾ ਸਿੰਘ ਦਾਤਾ (Pyara Singh Daata)
Next article{Most} Famous Quotes for Life in Punjabi

LEAVE A REPLY

Please enter your comment!
Please enter your name here